A professional cotton pluckers’ family is awaiting for cotton growers at Bathinda Railway station on Wednesday. Tribune Photo: Vijay Kumar.

ਬਠਿੰਡਾ-ਪੰਜਾਬ ਵਿੱਚ ਝੋਨੇ ਲਗਾਉਣ ਦੀ ਸ਼ੁਰੂਆਤ ਭਾਵੇਂ 13 ਜੂਨ ਤੋਂ ਹੋਣੀ ਹੈ ਪਰ ਅੱਜ ਬਠਿੰਡਾ ਦੇ ਰੇਲਵੇ ਸਟੇਸ਼ਨ ’ਤੇ ਲੇਬਰ ਲੈਣ ਆਏ ਕਿਸਾਨਾਂ ਦੀ ਭੀੜ ਲੱਗੀ ਰਹੀ। ਜ਼ਿਕਰਯੋਗ ਹੈ ਕਿ ਬਠਿੰਡਾ ਉੱਤਰੀ ਭਾਰਤ ਦਾ ਵੱਡਾ ਰੇਲਵੇ ਜੰਕਸ਼ਨ ਹੈ, ਰੁਜ਼ਗਾਰ ਦੀ ਭਾਲ ਲਈ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਬਿਹਾਰ ਦੇ ਪਰਵਾਸੀ ਮਜ਼ਦੂਰ ਝੋਨੇ ਦੇ ਸੀਜ਼ਨ ਮੌਕੇ ਹਜ਼ਾਰਾਂ ਦੀ ਤਾਦਾਦ ਵਿੱਚ ਬਠਿੰਡਾ ਰੇਲਵੇ ਸਟੇਸ਼ਨ ’ਤੇ ਉੱਤਰਦੇ ਹਨ। ਅੱਜ ਗਰਮੀ ਹੋਣ ਦੇ ਬਾਵਜੂਦ ਮਾਲਵਾ ਦੇ ਕਈ ਜ਼ਿਲ੍ਹਿਆਂ ਦੇ ਕਿਸਾਨ ਬਠਿੰਡਾ ਸਟੇਸ਼ਨ ਪੁੱਜੇ ਹੋਏ ਸਨ ਅਤੇ ਆਪਣੇ ਖੇਤਾਂ ਵਿੱਚ ਝੋਨਾ ਲਗਾਉਣ ਲਈ ਪਰਵਾਸੀ ਮਜ਼ਦੂਰਾਂ ਦੀਆਂ ਮਿੰਨਤਾਂ ਕਰਦੇ ਰਹੇ।
ਬੋਲੀ ਲਗਾਉਣ ਵਾਲੇ ਅਬੋਹਰ ਦੀ ਜਰਾਗਦੀਨ ਪਿੰਡ ਤੋਂ ਆਏ ਜਸਵਿੰਦਰ ਸਿੰਘ ਤੇ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰ ਤੋਂ ਲੇਬਰ ਲੈਣ ਪੁੱਜੇ ਹੋਏ ਹਨ ਪਰ ਪਿਛਲੇ ਵਰ੍ਹੇ ਨਾਲੋਂ ਲੇਬਰ ਵੱਧ ਰੇਟ ਲੈਣ ’ਤੇ ਅੜੀ ਹੋਈ ਹੈ। ਇਸ ਵਾਰ ਲੇਬਰ 3500 ਦੇ 4 ਹਜ਼ਾਰ ਰੁਪਏ ਦੀ ਮੰਗ ਕਰ ਰਹੀ ਹੈ ਪਰ ਪਿਛਲੇ ਵਰ੍ਹੇ 2300 ਤੋਂ 2500 ਰੁਪਏ ਸੀ ਅਤੇ ਇਸ ਵਾਰ ਵੀ ਕਿਸਾਨ 2500 ਤੋਂ 3 ਹਜ਼ਾਰ ਤੱਕ ਦੇਣ ’ਤੇ ਅੜੇ ਹੋਏ ਸਨ ਜਿਸ ਕਾਰਨ ਕਿਸਾਨ ਅਤੇ ਪਰਵਾਸੀ ਲੇਬਰ ਵਿਚ ਝੋਨੇ ਲਗਾਉਣ ਦਾ ਸੌਦਾ ਤੈਅ ਨਹੀਂ ਸੀ ਬੈਠ ਰਿਹਾ।
ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਾਂਦਰ ਡੋਡ ਦਾ ਇੱਕ ਕਿਸਾਨ ਵੱਧ ਰੇਟ ’ਤੇ 6 ਪਰਵਾਸੀ ਮਜ਼ਦੂਰਾਂ ਨੂੰ ਲੈ ਗਿਆ ਤਾਂ ਇਸ ’ਤੇ ਕਿਸਾਨ ਖ਼ਫ਼ਾ ਹੋ ਗਏ ਕਿ ਅਜਿਹੇ ਲੋਕ ਰੇਟ ਖ਼ਰਾਬ ਕਰ ਰਹੇ। ਬਠਿੰਡਾ ਨੇੜਲੇ ਪਿੰਡਾਂ ਦੇ ਕਿਸਾਨ ਬੂਟਾ ਸਿੰਘ, ਜਗਦੀਪ ਸਿੰਘ, ਗੁਰਮੀਤ ਸਿੰਘ ਆਦਿ ਨੇ ਦੱਸਿਆ ਕਿ ਉਹ ਪਰਵਾਸੀ ਮਜ਼ਦੂਰਾਂ ਨੂੰ ਲੈਣ ਆਏ ਹੋਏ ਹਨ ਪਰ ਲੇਬਰ ਨਾਲ ਉਨ੍ਹਾਂ ਦਾ ਰੇਟ ਤੈਅ ਨਹੀਂ ਹੋ ਰਿਹਾ ਕਿਉਂਕਿ ਝੋਨਾ ਲਗਾਉਣ ਵਿਚ ਅਜੇ ਕਾਫ਼ੀ ਦਿਨ ਪਏ ਹਨ ਅਤੇ ਲੇਬਰ ਪਹਿਲਾਂ ਕੁਝ ਰਾਸ਼ੀ ਐਡਵਾਂਸ ਮੰਗਦੀ ਹੈ ਪਰ ਉਹ ਡਰ ਰਹੇ ਹਨ। ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਤੀਜੀ ਵਾਰ ਲੇਬਰ ਦੀ ਭਾਲ ਵਿਚ ਬਠਿੰਡਾ ਪੁੱਜੇ ਹਨ। ਕਿਸਾਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਝੋਨਾ ਲਗਾਉਣ ਵਾਲੀਆਂ ਮਸ਼ੀਨਾਂ ਨੂੰ ਸਬਸਿਡੀ ’ਤੇ ਪਿੰਡ ਵਿੱਚ ਸੁਸਾਇਟੀਆਂ ਜਾਂ ਕਿਸਾਨਾਂ ਨੂੰ ਮੁਹੱਈਆ ਕਰਵਾਵੇ ਤਾਂ ਜੋ ਕਿਸਾਨਾਂ ਨੂੰ ਲੇਬਰ ਦੀ ਮਾਰ ਝੱਲਣੀ ਨਾ ਪਵੇ।

LEAVE A REPLY

Please enter your comment!
Please enter your name here