FILE PHOTO: FILE PHOTO: WikiLeaks founder Julian Assange leaves Southwark Crown Court after being sentenced in London, Britain, May 1, 2019. REUTERS/Henry Nicholls/File Photo/File Photo

ਲੰਡਨ-ਯੂਕੇ ਦੇ ਗ੍ਰਹਿ ਸਕੱਤਰ ਸਾਜਿਦ ਜਾਵੇਦ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਅਮਰੀਕੀ ਸਰਕਾਰ ਦੀ ਵਿਕੀਲੀਕਸ ਦੇ ਸਹਿ ਬਾਨੀ ਜੂਲੀਅਨ ਅਸਾਂਜ ਦੀ ਹਵਾਲਗੀ ਸਬੰਧੀ ਹੁਕਮਾਂ ’ਤੇ ਸਹੀ ਪਾ ਦਿੱਤੀ ਹੈ ਤਾਂ ਜੋ ਉਸ ਨੂੰ ਕੰਪਿਊਟਰ ਹੈਕਿੰਗ ਮਾਮਲੇ ਵਿੱਚ ਅਮਰੀਕੀ ਅਦਾਲਤ ਅੱਗੇ ਪੇਸ਼ ਕੀਤਾ ਜਾ ਸਕੇ।
ਪਾਕਿਸਤਾਨੀ ਮੂਲ ਦੇ ਸੀਨੀਅਰ ਮੰਤਰੀ ਨੇ ਕਿਹਾ ਕਿ ਹੁਣ ਇਸ ਸਬੰਧੀ ਫੈਸਲਾ ਯੂਕੇ ਦੀ ਅਦਾਲਤ ਨੇ ਕਰਨਾ ਹੈ। ਅਦਾਲਤ ਇਹ ਦੇਖੇਗੀ ਕਿ ਇਹ ਕੇਸ ਅਸਾਂਜ ਦੀ ਅਮਰੀਕਾ ਨੂੰ ਹਵਾਲਗੀ ਸਬੰਧੀ ਲੋੜਾਂ ਨੂੰ ਪੂਰਾ ਕਰਦਾ ਹੈ ਜਾਂ ਨਹੀਂ।
ਜਾਵੇਦ ਨੇ ਬੀਬੀਸੀ ਨੂੰ ਦੱਸਿਆ, ‘‘ਉਹ ਹਾਲ ਦੀ ਘੜੀ ਜੇਲ੍ਹ ਵਿੱਚ ਹੈ। ਅਮਰੀਕਾ ਵੱਲੋਂ ਉਸ ਦੀ ਹਵਾਲਗੀ ਸਬੰਧੀ ਬੇਨਤੀ ਆਈ ਸੀ, ਜਿਸ ’ਤੇ ਸ਼ੁੱਕਰਵਾਰ ਨੂੰ ਅਦਾਲਤ ਸੁਣਵਾਈ ਕਰੇਗੀ, ਪਰ ਕੱਲ੍ਹ(ਬੁੱਧਵਾਰ) ਮੈਂ ਹਵਾਲਗੀ ਸਬੰਧੀ ਹੁਕਮਾਂ ’ਤੇ ਸਹੀ ਪਾ ਦਿੱਤੀ ਅਤੇ ਭਲਕੇ ਇਸ ’ਤੇ ਅਦਾਲਤ ਵਿਚਾਰ ਕਰੇਗੀ। ’’
ਉਸ ਨੇ ਕਿਹਾ, ‘‘ ਅਖੀਰ, ਇਸ ਸਬੰਧੀ ਫੈਸਲਾ ਅਦਾਲਤ ਨੇ ਕਰਨਾ ਹੈ, ਪਰ ਗ੍ਰਹਿ ਸਕੱਤਰ ਲਈ ਇਸ ’ਤੇ ਸਹੀ ਪਾਉਣੀ ਬਹੁਤ ਅਹਿਮ ਸੀ, ਮੈਂ ਹਮੇਸ਼ਾ ਨਿਆਂ ਦਾ ਹਾਮੀ ਰਿਹਾ ਹਾਂ ਅਤੇ ਸਾਨੂੰ ਹਵਾਲਗੀ ਦੀ ਤਰਕਸੰਗਤ ਬੇਨਤੀ ਆਈ ਸੀ, ਇਸ ਲਈ ਮੈਂ ਇਸ ’ਤੇ ਸਹੀ ਪਾ ਦਿੱਤੀ, ਪਰ ਹੁਣ ਅੰਤਿਮ ਫੈਸਲਾ ਅਦਾਲਤ ਕਰੇਗੀ।’’ ਮੁੱਖ ਜੱਜ ਐਮਾ ਆਰਬੁਥਨੋਟ ਜੋ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਸਮੇਤ ਕਈ ਉੱਚ ਹਸਤੀਆਂ ਦੀ ਹਵਾਲਗੀ ਸਬੰਧੀ ਬੇਨਤੀਆਂ ’ਤੇ ਸੁਣਵਾਈ ਕਰ ਰਹੇ ਹਨ, ਸ਼ੁਕਰਵਾਰ ਨੂੰ ਇਸ ਮਾਮਲੇ ’ਤੇ ਸੁਣਵਾਈ ਕਰਨਗੇ।
ਜਾਣਕਾਰੀ ਅਨੁਸਾਰ ਅਮਰੀਕੀ ਜਾਸੂਸੀ ਐਕਟ ਤਹਿਤ ਅਸਾਂਜ ’ਤੇ ਜਾਸੂਸੀ, ਗੁਪਤ ਜਾਣਕਾਰੀ ਛਾਪਣ ਅਤੇ ਸਰਕਾਰੀ ਕੰਪਿਊਟਰ ਦੀ ਹੈਕਿੰਗ ਕਰਨ ਦਾ ਦੋਸ਼ ਹੈ। ਜਦੋਂ ਕਿ 47 ਸਾਲਾ ਆਸਟਰੇਲਿਆਈ ਨਾਗਰਿਕ ਆਪਣੇ ’ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ। ਉਸ ਦੇ ਸਮਰਥਕਾਂ ਨੇ ਅਮਰੀਕਾ ਅਤੇ ਯੂਕੇ ਸਰਕਾਰਾਂ ’ਤੇ ਵਿਚਾਰਾਂ ਦੇ ਪ੍ਰਗਟਾਵੇ ’ਤੇ ਹਮਲੇ ਦਾ ਦੋਸ਼ ਲਾਇਆ ਹੈ।

LEAVE A REPLY

Please enter your comment!
Please enter your name here