Nirmal Singh president C K D addressing the Media person in Amritsar on Sunday photo vishal kumar

ਅੰਮ੍ਰਿਤਸਰ-ਚੀਫ ਖਾਲਸਾ ਦੀਵਾਨ ਦੀ ਅੱਜ ਜਨਰਲ ਹਾਊਸ ਮੀਟਿੰਗ ਵਿੱਚ ਇੱਕ ਮੈਂਬਰ ਦੀ ਮੁੱਢਲੀ ਮੈਂਬਰਸ਼ਿਪ ਖ਼ਾਰਜ ਕਰਨ, ਇੱਕ ਮੈਂਬਰ ਨੂੰ ਮੁਅੱਤਲ ਕਰਨ, ਪਿਛਲੇ ਸਮੇਂ ਦੌਰਾਨ ਫਾਰਗ ਕੀਤੇ ਤਿੰਨ ਮੈਂਬਰਾਂ ਦੀ ਮੁੱਢਲੀ ਮੈਂਬਰਸ਼ਿਪ ਬਹਾਲ ਕਰਨ ਤੇ ਪਿਛਲੇ ਪ੍ਰਧਾਨ ਵੇਲੇ ਹੋਏ ਅੱਠ ਕਰੋੜ ਰੁਪਏ ਦੇ ਕਥਿਤ ਘਪਲੇ ਦੀ ਜਾਂਚ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਚੀਫ ਖ਼ਾਲਸਾ ਦੀਵਾਨ ਦੇ ਗੁਰਦੁਆਰੇ ਵਿਚ ਇਹ ਜਨਰਲ ਹਾਊਸ ਮੀਟਿੰਗ ਪ੍ਰਧਾਨ ਨਿਰਮਲ ਸਿੰਘ ਦੀ ਅਗਵਾਈ ਹੇਠ ਹੋਈ। ਇਸ ਤੋਂ ਪਹਿਲਾਂ ਕਾਰਜਸਾਧਕ ਕਮੇਟੀ ਦੀ ਮੀਟਿੰਗ ਹੋਈ।
ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਦੀਵਾਨ ਦੇ ਮੈਂਬਰ ਗੁਰਿੰਦਰ ਸਿੰਘ ਚਾਵਲਾ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਇਸ ਦੌਰਾਨ ਮੀਟਿੰਗ ਵਿਚ ਸ੍ਰੀ ਚਾਵਲਾ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਫਾਰਗ ਕਰਨ ਦੇ ਫ਼ੈਸਲੇ ਦਾ ਵਿਰੋਧ ਵੀ ਹੋਇਆ। ਸ੍ਰੀ ਚਾਵਲਾ ਵਲੋਂ ਇਨ੍ਹਾਂ ਦੋਸ਼ਾਂ ਨੂੰ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਹੈ। ਪ੍ਰਧਾਨ ਨਿਰਮਲ ਸਿੰਘ ਨੇ ਆਖਿਆ ਕਿ ਸ੍ਰੀ ਚਾਵਲਾ ਨੂੰ ਜਨਰਲ ਹਾਊਸ ਵਿਚ ਅਪੀਲ ਕਰਨ ਦਾ ਹੱਕ ਦਿੱਤਾ ਗਿਆ ਹੈ।
ਇੱਕ ਹੋਰ ਮੈਂਬਰ ਅਮਰਜੀਤ ਸਿੰਘ ਭਾਟੀਆ ਨੂੰ ਮੁਅੱਤਲ ਕਰਨ ਤੇ ਮਾਮਲੇ ਦੀ ਜਾਂਚ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸ੍ਰੀ ਭਾਟੀਆ ਦਾ ਸੂਰਤ ਵਿਚ ਪੈਸਿਆਂ ਦਾ ਲੈਣ-ਦੇਣ ਦਾ ਮਾਮਲਾ ਹੈ ਅਤੇ ਉਸ ਖ਼ਿਲਾਫ਼ ਪੁਲੀਸ ਕੇਸ ਦਰਜ ਹੋ ਚੁੱਕਾ ਹੈ। ਇਸ ਮਾਮਲੇ ਦੀ ਜਾਂਚ ਮਗਰੋਂ ਅਗਲਾ ਫ਼ੈਸਲਾ ਕੀਤਾ ਜਾਵੇਗਾ। ਪਿਛਲੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਵੇਲੇ ਸਕੂਲਾਂ ਦੀਆਂ ਪੁਸਤਕਾਂ ਤੇ ਵਰਦੀਆਂ ਦੀ ਖ਼ਰੀਦ ਵਿਚ ਅੱਠ ਕਰੋੜ ਰੁਪਏ ਦਾ ਘਪਲਾ ਹੋਣ ਦਾ ਦੋਸ਼ ਲਾਉਂਦਿਆਂ ਜਨਰਲ ਹਾਊਸ ਮੀਟਿੰਗ ਵਿਚ ਇਸ ਮਾਮਲੇ ਦੀ ਜਾਂਚ ਕਰਨ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਪੰਜ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ੍ਰੀ ਚੱਢਾ ਵੇਲੇ ਜਿਹੜੇ ਤਿੰਨ ਮੈਂਬਰਾਂ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ, ਉਨ੍ਹਾਂ ਦੀ ਪੁਰਾਣੀ ਮੈਂਬਰਸ਼ਿਪ ਬਹਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਮੈਂਬਰਾਂ ਵਿਚ ਸਾਬਕਾ ਆਨਰੇਰੀ ਸਕੱਤਰ ਭਾਗ ਸਿੰਘ ਅਣਖੀ, ਸਾਬਕਾ ਉਪ ਕੁਲਪਤੀ ਹਰਭਜਨ ਸਿੰਘ ਸੋਚ ਅਤੇ ਅਵਤਾਰ ਸਿੰਘ ਸ਼ਾਮਲ ਹਨ। ਇਨ੍ਹਾਂ ਨੂੰ ਪਿਛਲੀ ਇਕੱਤਰਤਾ ਸਮੇਂ ਨਵੇਂ ਮੈਂਬਰ ਵਜੋਂ ਸ਼ਾਮਲ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ 2011 ਵਿਚ ਕਾਨਪੁਰ ਵਿਚ ਹੋਈ ਦੀਵਾਨ ਦੀ ਮੀਟਿੰਗ, ਜਿਸ ਵਿਚ 108 ਨਵੇਂ ਮੈਂਬਰ ਬਣਾਏ ਗਏ ਸਨ, ਨੂੰ ਮੁੜ ਅੱਜ ਗ਼ੈਰਕਾਨੂੰਨੀ ਦੱਸਦਿਆਂ ਇਸ ਦੀ ਜਾਂਚ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਦੀਵਾਨ ਵਲੋਂ ਇਕ ਨੁਕਾਤੀ ਗੁਰਮਤਿ ਯੂਨੀਵਰਸਿਟੀ ਸਥਾਪਤ ਕਰਨ ਬਾਰੇ ਹੋਏ ਫ਼ੈਸਲੇ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਜਾਂ ਹੋਰ ਸੰਸਥਾ ਰਾਹੀਂ ਜ਼ਮੀਨ ਮੁਹੱਈਆ ਕਰਾਉਣ ਵਾਸਤੇ ਅਪੀਲ ਕੀਤੀ ਗਈ ਹੈ, ਜ਼ਮੀਨ ਮਿਲਣ ‘ਤੇ ਯੂਨੀਵਰਸਿਟੀ ਸਥਾਪਤ ਕਰਨ ਦਾ ਕੰਮ ਚੀਫ ਖ਼ਾਲਸਾ ਦੀਵਾਨ ਵਲੋਂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here