ਇਸਲਾਮਾਬਾਦ-ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਆਈ ਖੜੋਤ ਨੂੰ ਤੋੜਦਿਆਂ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਤੇ ਦੋਵਾਂ ਮੁਲਕਾਂ ਦੇ ਲੋਕਾਂ ਦੇ ਭਲੇ ਲਈ ਮਿਲ ਕੇ ਕੰਮ ਕਰਨ ਦੀ ਇੱਛਾ ਜਤਾਈ। ਇੱਥੋਂ ਵਿਦੇਸ਼ ਮੰਤਰਾਲੇ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਵੀਰਵਾਰ ਨੂੰ ਚੋਣ ਨਤੀਜਿਆਂ ਮਗਰੋਂ ਟਵੀਟ ਰਾਹੀਂ ਵਧਾਈ ਦੇਣ ਤੋਂ ਬਾਅਦ ਖ਼ਾਨ ਨੇ ਅੱੱਜ ਮੋਦੀ ਨੂੰ ਟੈਲੀਫੋਨ ਕੀਤਾ। ਪਾਕਿ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਕਿਹਾ ਕਿ ਇਮਰਾਨ ਖ਼ਾਨ ਨੇ ਨਰਿੰਦਰ ਮੋਦੀ ਨੂੰ ਲੋਕ ਸਭਾ ਚੋਣਾਂ ਵਿਚ ਭਾਰੀ ਬਹੁਮੱਤ ਨਾਲ ਜਿੱਤ ਹਾਸਲ ਕਰਨ ’ਤੇ ਵਧਾਈ ਦਿੱਤੀ। ਫ਼ੈਸਲ ਨੇ ਟਵੀਟ ਕੀਤਾ ਕਿ ਪਾਕਿ ਪ੍ਰਧਾਨ ਮੰਤਰੀ ਨੇ ਮੋਦੀ ਨਾਲ ਗੱਲਬਾਤ ਦੌਰਾਨ ਦੱਖਣੀ ਏਸ਼ੀਆ ਲਈ ਸ਼ਾਂਤੀ, ਖੁਸ਼ਹਾਲੀ ਤੇ ਵਿਕਾਸ ਦੇ ਮੰਤਵ ਨੂੰ ਦੁਹਰਾਇਆ। ਇਮਰਾਨ ਨੇ ਨਰਿੰਦਰ ਮੋਦੀ ਨਾਲ ਗੱਲਬਾਤ ਦੌਰਾਨ ਰਲ ਕੇ ਇਨ੍ਹਾਂ ਨੁਕਤਿਆਂ ’ਤੇ ਅੱਗੇ ਵਧਣ ਦੀ ਆਸ ਜਤਾਈ। ਭਾਰਤੀ ਚੋਣ ਨਤੀਜੇ ਪਾਕਿਸਤਾਨ ਲਈ ਵੀ ਅਤਿ ਮਹੱਤਵਪੂਰਨ ਹਨ ਕਿਉਂਕਿ ਨਵੀਂ ਦਿੱਲੀ ’ਚ ਬਣਨ ਵਾਲੀ ਨਵੀਂ ਸਰਕਾਰ ਹੀ ਭਾਰਤ-ਪਾਕਿ ਰਿਸ਼ਤਿਆਂ ਲਈ ਅਗਲਾ ਰਸਤਾ ਮਿੱਥੇਗੀ ਜਿਨ੍ਹਾਂ ਵਿਚ ਪੁਲਵਾਮਾ ਹਮਲੇ ਤੋਂ ਬਾਅਦ ਕਾਫ਼ੀ ਨਿਘਾਰ ਆ ਗਿਆ ਸੀ। ਇਮਰਾਨ ਖ਼ਾਨ ਨੇ ਅਪਰੈਲ ਵਿਚ ਕਿਹਾ ਸੀ ਕਿ ਜੇ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਭਾਰਤ ਨਾਲ ਸ਼ਾਂਤੀ ਬਹਾਲੀ ਬਾਰੇ ਗੱਲਬਾਤ ਹੋਣ ਅਤੇ ਕਸ਼ਮੀਰ ਮਸਲੇ ਦੇ ਹੱਲ ਦੇ ਕਾਫ਼ੀ ਆਸਾਰ ਹਨ। ਚੋਣ ਨਤੀਜਿਆਂ ਤੋਂ ਇਕ ਦਿਨ ਪਹਿਲਾਂ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਉਨ੍ਹਾਂ ਦੇ ਪਾਕਿ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਵੀ ਇਕ-ਦੂਜੇ ਨੂੰ ਬਿਸ਼ਕੇਕ (ਕਿਰਗਿਜ਼ਸਤਾਨ) ’ਚ ਸ਼ੰਘਾਈ ਸਹਿਯੋਗ ਜਥੇਬੰਦਕ ਕੌਂਸਲ ਦੌਰਾਨ ਨਿੱਘ ਨਾਲ ਮਿਲੇ ਸਨ ਤੇ ਉਲਝੇ ਮਸਲੇ ਹੱਲ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ।

LEAVE A REPLY

Please enter your comment!
Please enter your name here