ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਰੋਵਾਲ ਵਿਖੇ ਸਦੀਆਂ ਪੁਰਾਣੇ ਗੁਰੂ ਨਾਨਕ ਪੈਲੇਸ ਨੂੰ ਢਾਹੁਣ ਦੀ ਜਾਂਚ ਸਬੰਧੀ ਪਾਕਿਸਤਾਨ ਸਰਕਾਰ ’ਤੇ ਦਬਾਅ ਪਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਪਾਕਿਸਤਾਨ ਤੋਂ ਆਗਿਆ ਲੈ ਦੇਵੇ ਤਾਂ ਪੰਜਾਬ ਸਰਕਾਰ ਇਸ ਇਮਾਰਤ ਦੇ ਮੁੜ ਨਿਰਮਾਣ ਲਈ ਤਿਆਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਇਕ ਪੱਤਰ ਵਿਚ ਬੇਨਤੀ ਕੀਤੀ ਹੈ ਕਿ ਉਹ ਇਸ ਜਾਇਦਾਦ ਨੂੰ ਢਾਹੁਣ ਸਬੰਧੀ ਜਾਂਚ ਕਰਵਾਉਣ ਦਾ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਉਣ ਅਤੇ ਇਸ ਮੰਦਭਾਗੇ ਕਾਰਜ ਨਾਲ ਸਬੰਧਿਤ ਸਾਰੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਲਿਆਉਣ। ਇਸ ਇਮਾਰਤ ਦੀ ਮੁੜ ਸਥਾਪਤੀ ਲਈ ਤੁਰੰਤ ਕਦਮ ਚੁੱਕਣ ਦੀ ਗੱਲ ਆਖਦਿਆਂ ਮੁੱਖ ਮੰਤਰੀ ਨੇ ਸਿੱਖ ਵਿਰਾਸਤ ਨਾਲ ਸਬੰਧਿਤ ਸਾਰੇ ਸਮਾਰਕਾਂ ਦੀ ਸੰਭਾਲ ਲਈ ਪਾਕਿਸਤਾਨ ਸਰਕਾਰ ’ਤੇ ਜ਼ੋਰ ਪਾਉਣ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜੇ ਭਾਰਤ ਸਰਕਾਰ, ਪਾਕਿਸਤਾਨ ਸਰਕਾਰ ਤੋਂ ਇਜਾਜ਼ਤ ਲੈ ਦੇਵੇ ਤਾਂ ਪੰਜਾਬ ਸਰਕਾਰ ਇਸ ਇਤਿਹਾਸਕ ਇਮਾਰਤ ਦਾ ਮੁੜ ਨਿਰਮਾਣ ਕਰੇਗੀ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਦੁਨੀਆ ਭਰ ਵਿਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਹੈ ਕਿ ਕੁਝ ਮੀਡੀਆ ਰਿਪੋਰਟਾਂ ਅਨੁਸਾਰ ਇਹ ਇਮਾਰਤ ਤਕਰੀਬਨ ਚਾਰ ਸਦੀਆਂ ਪੁਰਾਣੀ ਹੈ। ਇਸ ਇਮਾਰਤ ਨੂੰ ਹੁਣ ਲਾਲਚੀਆਂ ਨੇ ਢਾਹ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਨੇ ਸਿੱਖਾਂ ਨੂੰ ਬਹੁਤ ਪੀੜਾ ਪਹੁੰਚਾਈ ਹੈ ਅਤੇ ਇਹ ਉਸ ਸਮੇਂ ਵਾਪਰੀ ਹੈ, ਜਦੋਂ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here