ਗਿੱਦੜਬਾਹਾ-ਪਿੰਡ ਗੁਰੂਸਰ ਦੇ ਗੁਰਦੁਆਰਾ ਗੁਰੂਸਰ ਸਾਹਿਬ ਦੀ 43 ਏਕੜ ਜ਼ਮੀਨ ’ਤੇ ਸੰਤ ਬਲਵੀਰ ਸਿੰਘ ਬੁੱਢਾ ਦਲ ਵਾਲਿਆਂ ਦਾ ਲੰਬੇ ਸਮੇਂ ਤੋਂ ਕਬਜ਼ਾ ਹੈ। ਉਹ ਉਕਤ ਜ਼ਮੀਨ ਪਿੰਡ ਦੇ ਇਕ ਵਿਅਕਤੀ ਨੂੰ ਠੇਕੇ ’ਤੇ ਦੇ ਦਿੰਦੇ ਹਨ ਅਤੇ ਸਾਰਾ ਠੇਕਾ ਵੀ ਬਾਬਾ ਬਲਵੀਰ ਸਿੰਘ ਕੋਲ ਜਾਂਦਾ ਹੈ। ਉਕਤ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਲਈ ਗੁਰਦੁਆਰੇ ਦੇ ਸੇਵਾਦਾਰ ਬਾਬਾ ਗੁਰਪਿੰਦਰ ਸਿੰਘ ਦੀ ਅਗਵਾਈ ਹੇਠ ਨਿਹੰਗ ਸਿੰਘਾਂ ਨੇ ਪੱਕਾ ਮੋਰਚਾ ਲਾ ਦਿੱਤਾ ਹੈ।
ਇਸ ਬਾਰੇ ਬਾਬਾ ਗੁਰਪਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਗੁਰਦੁਆਰੇ ਦੀ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹਨ। ਗੁਰਦੁਆਰੇ ਦੀ 43 ਏਕੜ ਜ਼ਮੀਨ ਦੀ ਗਿਰਦਾਵਰੀ ਬਾਬਾ ਬਲਬੀਰ ਸਿੰਘ ਨੇ ਆਪਣੇ ਨਾਂ ਕਰਵਾਈ ਹੋਈ ਹੈ ਜੋ ਗਲਤ ਹੈ। ਉਨ੍ਹਾਂ ਮੰਗ ਕੀਤੀ ਕਿ ਗੁਰਦੁਆਰੇ ਦੀ ਜ਼ਮੀਨ ਗੁਰੂ ਘਰ ਦੇ ਨਾਂ ਹੋਵੇ। ਇਸ ਜ਼ਮੀਨ ਤੋਂ ਜੋ ਵੀ ਪੈਸਾ ਕਮਾਈ ਵਜੋਂ ਆਉਂਦਾ ਹੈ ਉਹ ਪਿੰਡ ਦੇ ਵਿਕਾਸ ਅਤੇ ਗੁਰਦੁਆਰੇ ’ਤੇ ਲੱਗਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਤੇ ਪ੍ਰਸ਼ਾਸਨ ਉਨ੍ਹਾਂ ਦੀ ਮਦਦ ਕਰਨ ਦੀ ਥਾਂ ਉਨ੍ਹਾਂ ’ਤੇ ਜ਼ਮੀਨ ਛੱਡਣ ਲਈ ਦਬਾਅ ਪਾ ਰਿਹਾ ਹੈ।
ਉਨ੍ਹਾਂ ਸਰਕਾਰ ਤੋ ਮੰਗ ਕੀਤੀ ਕਿ ਗੁਰਦੁਆਰੇ ਦੀ ਜ਼ਮੀਨ ਦੀ ਕਮਾਈ ਗੁਰਦੁਆਰੇ ’ਤੇ ਹੀ ਲੱਗੇ ਅਤੇ ਜ਼ਮੀਨ ਦੀ ਗਿਰਦਾਵਰੀ ਵੀ ਲੋਹ ਲੰਗਰ ਦੇ ਨਾਂ ਹੋਵੇ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਪੁਲੀਸ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਗੁਰਦੁਆਰੇ ਦੀ ਜ਼ਮੀਨ ਦੀ ਕਮਾਈ ਗੁਰਦੁਆਰੇ ’ਤੇ ਹੀ ਲੱਗੇਗੀ ਪਰ ਅਜਿਹਾ ਕੁਝ ਨਹੀਂ ਹੋਇਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਵਾਰ ਉਹ ਪੱਕਾ ਫ਼ੈਸਲਾ ਕੀਤੇ ਬਿਨਾਂ ਮੋਰਚਾ ਖ਼ਤਮ ਨਹੀ ਕਰਨਗੇ। ਜੇਕਰ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਪੁਲੀਸ ਹੋਵੇਗੀ। ਇਸ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਬੇਅੰਤ ਸਿੰਘ ਦਾ ਕਹਿਣਾ ਹੈ ਕਿ ਗੁਰਦੁਆਰੇ ਦੀ ਇਕ ਸਾਂਝੀ ਕਮੇਟੀ ਬਣਨੀ ਚਾਹੀਦੀ ਹੈ। ਕਮੇਟੀ ਜੋ ਵੀ ਫ਼ੈਸਲਾ ਕਰੇਗੀ, ਉਸੇ ਅਨੁਸਾਰ ਜ਼ਮੀਨ ਦਾ ਪੈਸਾ ਗੁਰਦੁਆਰੇ ’ਤੇ ਲੱਗਣਾ ਚਾਹੀਦਾ ਹੈ।
ਐੱਸਡੀਐਮ ਗਿੱਦੜਬਾਹਾ ਓਮ ਪ੍ਰਕਾਸ਼ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਬਾਬਾ ਗੁਰਪਿੰਦਰ ਸਿੰਘ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਗੱਲਬਾਤ ਪੂਰੀ ਹੋਣ ਉਪਰੰਤ ਹੀ ਉਹ ਕੁਝ ਕਹਿ ਸਕਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਡੀਐੱਸਪੀ ਨੂੰ ਮੌਕੇ ’ਤੇ ਭੇਜਿਆ ਹੈ। ਉੱਧਰ, ਡੀਐੱਸਪੀ ਗੁਰਤੇਜ ਸਿੰਘ ਨੇ ਕਿਹਾ ਕਿ ਉਹ ਮੌਕੇ ’ਤੇ ਹੀ ਮੌਜੂਦ ਹਨ, ਪਰ ਅਜੇ ਤਾਈਂ ਗੱਲ ਕੋਈ ਤਣ-ਪੱਤਣ ਨਹੀਂ ਲੱਗੀ ਹੈ।

LEAVE A REPLY

Please enter your comment!
Please enter your name here