ਫ਼ਰੀਦਕੋਟ-ਕੋਟਕਪੂਰਾ ਗੋਲੀ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਅਕਾਲੀ ਆਗੂ ਅਤੇ ਪੰਜ ਪੁਲੀਸ ਅਧਿਕਾਰੀਆਂ ਖਿਲਾਫ਼ ਚਲਾਨ ਪੇਸ਼ ਕਰਨ ਮਗਰੋਂ ਸਿਟ ਦੀ ਕਾਰਜ ਪ੍ਰਣਾਲੀ ਵਿਵਾਦਾਂ ’ਚ ਘਿਰ ਗਈ ਹੈ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ 5 ਅਪਰੈਲ ਨੂੰ ਹੁਕਮ ਜਾਰੀ ਕਰਕੇ ਜਾਂਚ ਟੀਮ ਦੇ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪੜਤਾਲ ਤੋਂ ਲਾਂਭੇ ਕਰ ਦਿੱਤਾ ਸੀ। ਚੋਣ ਜ਼ਾਬਤਾ ਖ਼ਤਮ ਹੋਣ ਤੋਂ ਬਾਅਦ ਆਈਜੀ ਨੂੰ ਪੰਜਾਬ ਸਰਕਾਰ ਨੇ 27 ਮਈ ਨੂੰ ਬਹਾਲ ਕਰ ਦਿੱਤਾ ਸੀ ਪਰੰਤੂ ਅਦਾਲਤ ਵਿੱਚ ਪੇਸ਼ ਚਲਾਨ ਤੋਂ ਸਾਬਤ ਹੁੰਦਾ ਹੈ ਕਿ ਉਹ 23 ਮਈ ਨੂੰ ਵੀ ਪੜਤਾਲ ਵਿੱਚ ਲੱਗੇ ਹੋਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਚੋਣ ਕਮਿਸ਼ਨ ਦੀ ਰੋਕ ਦੇ ਬਾਵਜੂਦ ਤਿੰਨ ਪੁਲੀਸ ਅਧਿਕਾਰੀਆਂ ਤੋਂ ਪੁੱਛ ਪੜਤਾਲ ਕੀਤੀ ਸੀ ਅਤੇ ਬਿਆਨ ਲਿਖੇ ਸਨ। ਜਾਂਚ ਟੀਮ ਵੱਲੋਂ ਅਦਾਲਤ ਵਿੱਚ ਪੇਸ਼ 56 ਸਫ਼ਿਆਂ ਦੀ ਪੜਤਾਲ ਰਿਪੋਰਟ ਵਿੱਚ ਕੋਟਕਪੂਰਾ ਗੋਲੀ ਕਾਂਡ ਤੋਂ ਇਲਾਵਾ 2007 ਤੋਂ ਲੈ ਕੇ 2015 ਤੱਕ ਦੀਆਂ ਘਟਨਾਵਾਂ ਦੇ ਵੇਰਵੇ ਦਿੱਤੇ ਗਏ ਹਨ। ਦਿਲਚਸਪ ਤੱਥ ਇਹ ਹੈ ਕਿ ਇਨ੍ਹਾਂ ਘਟਨਾਵਾਂ ਦਾ ਦੋ ਹਜ਼ਾਰ ਸਫ਼ਿਆਂ ਦੀ ਚਾਰਜਸ਼ੀਟ ਵਿੱਚ ਕੋਈ ਸਬੂਤ ਨੱਥੀ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ 2007 ਤੋਂ ਲੈ ਕੇ 2015 ਤੱਕ ਡੇਰਾ ਸਿਰਸਾ ਅਤੇ ਸਿੱਖ ਸੰਗਤਾਂ ਦਰਮਿਆਨ ਪੈਦਾ ਹੋਏ ਟਕਰਾਅ ਤੋਂ ਬਾਅਦ ਵਾਪਰੀਆਂ ਘਟਨਾਵਾਂ ਬਾਰੇ ਕਿਸੇ ਗਵਾਹ ਦਾ ਬਿਆਨ ਦਰਜ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਵਿਸ਼ੇਸ਼ ਜਾਂਚ ਟੀਮ ਨੇ 13 ਅਕਤੂਬਰ 2015 ਦੀ ਰਾਤ ਨੂੰ ਕੋਟਕਪੂਰਾ ’ਚ ਵਾਪਰੇ ਗੋਲੀ ਕਾਂਡ ਅਤੇ 14 ਅਕਤੂਬਰ 2015 ਨੂੰ ਵਾਪਰੇ ਬਹਿਬਲ ਕਾਂਡ ਬਾਰੇ ਹੀ ਜਾਂਚ ਕਰਨੀ ਸੀ। ਸੂਤਰਾਂ ਅਨੁਸਾਰ ਚਲਾਨ ਬਾਰੇ ਜਾਂਚ ਟੀਮ ਦੇ ਮੈਂਬਰ ਅਤੇ ਮੁਖੀ ਦੀ ਆਪਸ ਵਿੱਚ ਸਹਿਮਤੀ ਅਤੇ ਇੱਕ ਰਾਏ ਨਹੀਂ ਸੀ। ਜਾਂਚ ਟੀਮ ਦੇ ਚਾਰ ਮੈਂਬਰਾਂ ਨੇ ਡੀਜੀਪੀ ਨੂੰ ਪੱਤਰ ਲਿਖ ਕੇ ਸਪੱਸ਼ਟ ਕੀਤਾ ਕਿ ਕੋਟਕਪੂਰਾ ਗੋਲੀ ਕਾਂਡ ਵਿੱਚ ਪੇਸ਼ ਕੀਤੇ ਗਏ ਚਲਾਨ ਦੇ ਜੋ ਵੀ ਸਿੱਟੇ ਨਿਕਲਣਗੇ, ਉਸ ਲਈ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੀ ਜ਼ਿੰਮੇਵਾਰ ਹੋਣਗੇ। ਪੁਲੀਸ ਅਧਿਕਾਰੀਆਂ ਖਿਲਾਫ਼ ਅਦਾਲਤ ਵਿੱਚ ਦੋਸ਼ ਪੱਤਰ ਪੇਸ਼ ਕਰਨ ਤੋਂ ਪਹਿਲਾਂ ਚਲਾਨ ਦੀ ਸਮੁੱਚੀ ਫਾਈਲ ਗ੍ਰਹਿ ਵਿਭਾਗ ਕੋਲ ਮਨਜ਼ੂਰੀ ਲਈ ਜਾਣੀ ਜ਼ਰੂਰੀ ਸੀ ਪਰੰਤੂ ਜਾਂਚ ਟੀਮ ਨੇ ਗ੍ਰਹਿ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਹੀ ਚਲਾਨ ਅਦਾਲਤ ਵਿੱਚ ਪੇਸ਼ ਕਰ ਦਿੱਤਾ ਜਿਸ ਦਾ ਪੁਲੀਸ ਅਧਿਕਾਰੀਆਂ ਨੂੰ ਸਿੱਧਾ ਲਾਭ ਮਿਲਣ ਦੀ ਸੰਭਾਵਨਾ ਹੈ। ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਵਿਵਾਦ ’ਤੇ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਅਦਾਲਤ ਨੇ ਜਾਂਚ ਟੀਮ ਵੱਲੋਂ ਪੇਸ਼ ਕੀਤੇ ਚਲਾਨ ਦੀਆਂ ਨਕਲਾਂ ਅਜੇ ਮੁਲਜ਼ਮਾਂ ਨੂੰ ਨਹੀਂ ਦਿੱਤੀਆਂ ਹਨ। ਅਦਾਲਤ ’ਚ ਚਲਾਨ ਪੇਸ਼ ਹੋਣ ਮਗਰੋਂ ਇਸ ਉਪਰ 6 ਜੂਨ ਨੂੰ ਸੁਣਵਾਈ ਹੋਵੇਗੀ। ਉਸ ਦਿਨ ਆਈਜੀ ਉਮਰਾਨੰਗਲ ਅਤੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ।

LEAVE A REPLY

Please enter your comment!
Please enter your name here