ਟੋਰਾਂਟੋ— ਕੈਨੇਡਾ ਦੇ ਸੂਬੇ ਅਲਬਰਟਾ ‘ਚ ਜੰਗਲੀ ਅੱਗ ਨੇ ਕਹਿਰ ਮਚਾਇਆ ਹੋਇਆ ਹੈ ਤੇ ਇੱਥੇ 5000 ਤੋਂ ਵਧੇਰੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ‘ਤੇ ਸ਼ਰਣ ਲੈਣੀ ਪਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਕਾਰਨ 230,000 ਏਕੜ ਜ਼ਮੀਨ ਸੜ ਕੇ ਸਵਾਹ ਹੋ ਚੁੱਕੀ ਹੈ।
ਦੂਜੇ ਸ਼ਹਿਰਾਂ ‘ਚ ਵੀ ਧੂੰਏ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗੈਸ ਅਤੇ ਤੇਲ ਵਾਲੀਆਂ ਚੀਜ਼ਾਂ ਨੂੰ ਬੰਦ ਰੱਖਣ। ਲਗਭਗ 90 ਫਾਇਰ ਫਾਈਟਰਜ਼, 25 ਹੈਲੀਕਾਪਟਰ, ਏਅਰ ਟੈਂਕਰ , 10 ਪ੍ਰੋਟੈਕਸ਼ਨ ਯੁਨਿਟ ਤੇ ਭਾਰੀ ਮਸ਼ੀਨਰੀ ਨਾਲ ਅੱਗ ‘ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਇਸ ਮੁਸ਼ਕਲ ਘੜੀ ‘ਚ ਲੋਕ ਇਕ-ਦੂਜੇ ਦੀ ਮਦਦ ਕਰ ਰਹੇ ਹਨ। ਮੌਸਮ ਅਧਿਕਾਰੀਆਂ ਨੇ ਕਿਹਾ ਕਿ ਅਜੇ ਅਗਲੇ ਹਫਤੇ ਤਕ ਮੀਂਹ ਪੈਣ ਦੇ ਆਸਾਰ ਨਹੀਂ ਹਨ। ਇਸ ਲਈ ਅਜੇ ਕੁੱਝ ਕਿਹਾ ਨਹੀਂ ਜਾ ਸਕਦਾ ਕਿ ਅੱਗ ‘ਤੇ ਕਦੋਂ ਤਕ ਕਾਬੂ ਪਾਇਆ ਜਾ ਸਕੇ।
ਸਲੇਵ ਲੇਕ ਸ਼ਹਿਰ ‘ਚ ਮੰਗਲਵਾਰ ਨੂੰ 4 ਨਵੀਂਆਂ ਥਾਵਾਂ ‘ਤੇ ਅੱਗ ਲੱਗਣ ਦੀ ਖਬਰ ਮਿਲੀ ਸੀ ਜਿਸ ਕਾਰਨ ਇਸ ਸ਼ਹਿਰ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਚੇਤਾਹ ਸ਼ਹਿਰ ਦੇ ਲੋਕਾਂ ਨੂੰ ਅਗਲੇ 72 ਘੰਟਿਆਂ ਤਕ ਅਲਰਟ ਰਹਿਣ ਲਈ ਕਹਿ ਦਿੱਤਾ ਗਿਆ ਹੈ। ਲੋਕਾਂ ਨੂੰ ਦੱਸ ਦਿੱਤਾ ਗਿਆ ਹੈ ਕਿ ਕਿਸੇ ਵੀ ਸਮੇਂ ਉਨ੍ਹਾਂ ਨੂੰ ਘਰ ਖਾਲੀ ਕਰਨੇ ਪੈ ਸਕਦੇ ਹਨ।

LEAVE A REPLY

Please enter your comment!
Please enter your name here