ਫ਼ਰੀਦਕੋਟ-ਸੂਬਾਈ ਸੱਦੇ ’ਤੇ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਆਪਣੀਆਂ ਮੰਗਾਂ ਮਨਵਾਉਣ ਲਈ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ’ਚ ਸੈਂਕੜੇ ਕਿਸਾਨਾਂ ਨੇ ਧਰਨਾ ਲਾਇਆ ਅਤੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਨੇ ਕਰਜ਼ਾ ਮੁਆਫ਼ੀ ਦਾ ਵਾਅਦਾ ਪੂਰਾ ਲਾਗੂ ਨਹੀਂ ਕੀਤਾ।ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਅਜਿੱਤ ਗਿੱਲ ਨੇ ਕਿਹਾ ਕਿ ਕੈਪਟਨ ਸਰਕਾਰ ਜੋ ਵਾਅਦਾ ਕੀਤਾ ਸੀ, ਉਸ ਮੁਤਾਬਿਕ ਹਜ਼ਾਰਾਂ ਕਿਸਾਨ ਕਰਜ਼ਾ ਮਾਫ਼ੀ ਦੇ ਘੇਰੇ ਤੋਂ ਬਾਹਰ ਰਹਿ ਗਏ ਹਨ। ਪੰਜਾਬ ਦੀ ਛੋਟੀ ਕਿਸਾਨੀ ਇਸ ਸਮੇਂ ਗੰਭੀਰ ਸੰਕਟ ਵਿੱਚ ਹੈ। ਇਸ ਲਈ ਪੰਜ ਏਕੜ ਤੱਕ ਦੇ ਕਿਸਾਨਾਂ ਨੂੰ ਬਿਨਾਂ ਵਿਆਜ ਕਰਜ਼ੇ ਦਿੱਤੇ ਜਾਣ ਅਤੇ ਪਿੰਡਾਂ ਵਿੱਚ ਸਰਕਾਰੀ ਖੇਤੀ ਸੰਦ ਕੇਂਦਰ ਖੋਲ ਕੇ ਛੋਟੇ ਕਿਸਾਨਾਂ ਨੂੰ ਬਿਨਾਂ ਕਿਰਾਇਆ ਪਹਿਲ ਦੇ ਆਧਾਰ ’ਤੇ ਖੇਤੀ ਸੰਦ ਮੁਹੱਈਆ ਕਰਵਾਏ ਜਾਣ। ਸਰਦੂਲ ਸਿੰਘ ਕਾਸਮ ਭੱਟੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਸ਼ਹਿ ’ਤੇ ਬੈਂਕਾਂ ਕਿਸਾਨਾਂ ਤੋਂ ਖ਼ਾਲੀ ਚੈੱਕ ਲੈ ਰਹੀਆਂ ਹਨ ਅਤੇ ਕਰਜ਼ ਨਾ ਮੋੜਨ ਦੀ ਸੂਰਤ ਵਿੱਚ ਉਨਾਂ ’ਤੇ ਚੈੱਕ ਬਾਊਂਸ ਦੇ ਕੇਸ ਅਦਾਲਤਾਂ ਵਿੱਚ -ਦਰਜ ਕਰਵਾ ਕੇ ਕਿਸਾਨਾਂ ਨੂੰ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਕਿਰਤੀ ਕਿਸਾਨ ਯੂਨੀਅਨ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਅਤੇ ਮੰਗ ਕੀਤੀ ਕਿ ਮੁੜ ਮੁਰੱਬੇਬੰਦੀ ਕਰਕੇ ਛੋਟੇ ਕਿਸਾਨਾਂ ਦੀ ਜ਼ਮੀਨ ਇੱਕ ਪਾਸੇ ਕਰਕੇ, ਉਸ ਲਈ ਮੁਫ਼ਤ ਪਾਣੀ ਨਹਿਰੀ/ਟਿਊਬਵੈੱਲ ਦਾ ਪ੍ਰਬੰਧ ਕੀਤਾ ਜਾਵੇ, ਜਨਰਲ ਵਰਗ ਦੀ ਦੋ ਤਿਹਾਈ ਪੰਚਾਇਤੀ ਜ਼ਮੀਨ ਪੰਜ ਏਕੜ ਤੱਕ ਦੇ ਕਿਸਾਨਾਂ ਨੂੰ ਘੱਟ ਰੇਟ ’ਤੇ ਠੇਕੇ ’ਤੇ ਦਿੱਤੀ ਜਾਵੇ।ੇ ਭਜਨ ਸਿੰਘ ਡਿੰਗੀ, ਜਗੀਰ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ
ਬਠਿੰਡਾ : ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਅੱਗੇ ਕਿਰਤੀ ਕਿਸਾਨ ਯੂਨੀਅਨ ਅਤੇ ਕਿਸਾਨ ਮੋਰਚਾ ਪੰਜਾਬ ਵੱਲੋਂ ਧਰਨਾ ਲਾਕੇ ਨਾਅਰੇਬਾਜ਼ੀ ਕੀਤੀ ਗਈ। ਬਠਿੰਡਾ ਦੇ ਅੰਬੇਦਕਰ ਪਾਰਕ ਨੇੜੇ ਪ੍ਰਬੰਧਕ ਕੰਪਲੈਕਸ ਦੇ ਸਾਹਮਣੇ ਕਿਸਾਨਾਂ ਨੂੰ ਕਿਰਤੀ ਕਿਸਾਨ ਜਥੇਬੰਦੀ ਦੇ ਕਨਵੀਨਰ ਅਮਰਜੀਤ ਸਿੰਘ ਹਨੀ ਅਤੇ ਹੋਰ ਬੁਲਾਰਿਆ ਨੇ ਦੋਸ਼ ਲਗਾਏ ਕਿ ਪਾਰਟੀਆਂ ਚੋਣਾਂ ਤੋਂ ਪਹਿਲਾਂ ਤਾਂ ਵੱਡੇ ਵੱਡੇ ਵਾਅਦੇ ਕਰਦੀਆਂ ਹਨ ਅਤੇ ਕਾਬਜ਼ ਹੁੰਦੇ ਹੀ ਕਿਸਾਨੀ ਦੇ ਮਸਲੇ ਵਿਸਾਰ ਦਿੱਤੇ ਜਾਂਦੇ ਹਨ। ਉਨ੍ਹਾਂ ਤਹਿਸੀਲਦਾਰ ਬਠਿੰਡਾ ਨੂੰ ਮੰਗ ਪੱਤਰ ਸੌਂਪਿਆ। ਸੁਖਮੰਦਰ ਸਿੰਘ ਸਰਾਭਾ , ਗੁਰਦੀਪ ਸਿੰਘ ਗੋਬਿੰਦਪੁਰਾ ਆਦਿ ਨੇ ਵੀ ਸੰਬੋਧਨ ਕੀਤਾ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ):ਕਿਸਾਨੀ ਮੰਗਾਂ ਨੂੰ ਲੈ ਕੇ ‘ਕਿਰਤੀ ਕਿਸਾਨ ਯੂਨੀਅਨ’ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਟੀਵਾਲਾ, ਜਸਵਿੰਦਰ ਸਿੰਘ ਝਬੇਲਵਾਲੀ, ਲਖਵਿੰਦਰ ਸਿੰਘ ਥਾਂਦੇਵਾਲਾ, ਦਰਸ਼ਨ ਸਿੰਘ ਭੁੱਟੀਵਾਲਾ, ਪਰਮਿੰਦਰ ਸਿੰਘ ਮੌੜ, ਹਰਦੀਪ ਸਿੰਘ ਚੱਕ ਗਾਂਧਾ ਸਿੰਘ ਵਾਲਾ ਨੇ ਫਰੀਦਕੋਟ ਵਿਚ ਸੀਆਈ ਸਟਾਫ਼ ‘ਚ ਵਰਤਾਏ ਕਹਿਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰਾਂ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ। ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਬਲਵਿੰਦਰ ਸਿੰਘ ਨੇ ਕਿਹਾ ਕਿ ਹਰਾ ਇਨਕਲਾਬ ਨਹੀਂ ਹਰਾ ਘੱਲੂ-ਘਾਰਾ ਹੈ ਜੋ ਹਰ ਰੋਜ਼ ਸਾਡੇ ਤਿੰਨ-ਚਾਰ ਕਿਸਾਨਾਂ ਨੂੰ ਨਿਗਲ ਰਿਹਾ ਹੈ। ਬੁਲਾਰਿਆਂ ਨੇ ਪਿੰਡ ਚੱਕ ਗਾਂਧਾ ਸਿੰਘ ਵਾਲਾ ਦੀ ਜ਼ਮੀਨ ਜੋ ਕਿਸਾਨ ਪਿਛਲੇ 80 ਤੋਂ 100 ਸਾਲ ਪਹਿਲਾਂ ਤੋਂ ਵਾਹ ਰਹੇ ਹਨ ਦੇ ਮਾਲਕੀ ਦੇ ਹੱਕ ਦਵਾਉਣ ਲਈ ਸੰਘਰਸ਼ ਵਿੱਢਣ ਦਾ ਪ੍ਰਣ ਲਿਆ। ਸਟੇਜ ਸੰਚਾਲਨ ਮੰਗਾ ਅਜ਼ਾਦ ਨੇ ਕੀਤਾ ਅਤੇ ਇਨਕਲਾਬੀ ਗੀਤ ਵੀ ਸੁਣਾਏ। ਮੰਗ ਪੱਤਰ ਪੰਜਾਬ ਸਰਕਾਰ ਦੇ ਨਾਮ ਡੀਸੀ ਸ੍ਰੀ ਮੁਕਤਸਰ ਸਾਹਿਬ ਨੂੰ ਸੌਂਪਿਆ ।
ਮੋਗਾ (ਮਹਿੰਦਰ ਸਿੰਘ ਰੱਤੀਆਂ):ਜ਼ਿਲ੍ਹਾ ਸਕੱਤਰੇਤ ਅੱਗੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨੀ ਮੰਗਾਂ ਲਈ ਰੋਸ ਧਰਨਾਂ ਦਿੰਦੇ ਸੂਬਾ ਸਰਕਾਰ ਦੀ ਵਾਅਦਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਸਾਨੀ ਮੰਗਾਂ ਲਈ ਮੰਗ ਪੱਤਰ ਵੀ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਸ਼ਿੰਦਰ ਸਿੰਘ ਝੰਡੇਆਣਾ ,ਪਰਗਟ ਸਿੰਘ ਸਾਫੂਵਾਲਾ ਅਤੇ ਬਲਕਰਨ ਸਿੰਘ ਵੈਰੋਕੇ, ਨੇ ਬੈਂਕਾਂ ਵਾਲੇ ਕਰਜ਼ਾ ਚੁਕਾਉਣ ਸਮੇ ਖ਼ਾਲੀ ਚੈੱਕ ਲੈਕੇ ਬੈਂਕਾਂ ਡਿਫ਼ਾਲਟਰ ਕਿਸਾਨਾਂ ਖ਼ਿਲਾਫ਼ ਅਦਾਲਤ ਵਿੱਚ ਇਹ ਚੈੱਕ ਲਗਾ ਕੇਸ ਕਰਵਾ ਰਹੀਆਂ ਹਨ। ਉਨ੍ਹਾਂ ਇਹ ਗੈਰ ਕਾਨੂੰਨੀ ਵਰਤਾਰਾ ਰੋਕਣ ਦੀ ਮੰਗ ਕਰਦਕੇ ਖਾਲੀ ਚੈੱਕ ਵਾਪਸ ਕਰਨ ਦੀ ਮੰਗ ਕੀਤੀ।

LEAVE A REPLY

Please enter your comment!
Please enter your name here