ਨਵੀਂ ਦਿੱਲੀ-ਭਾਰਤ ਹਵਾਈ ਫ਼ੌਜ ਨੇ ਏਐੱਨ-32 ਮਾਲਵਾਹਕ ਜਹਾਜ਼ ਵਿੱਚ ਸਵਾਰ ਸਾਰੇ ਦੇ ਸਾਰੇ 13 ਵਿਅਕਤੀਆਂ ਦੇ ਮਾਰੇ ਜਾਣ ਦੀ ਅੱਜ ਪੁਸ਼ਟੀ ਕਰ ਦਿੱਤੀ ਹੈ। ਅਧਿਕਾਰਤ ਸੂਤਰਾਂ ਮੁਤਾਬਕ ਜਹਾਜ਼ ਦਾ ‘ਬਲੈਕ ਬਾਕਸ’ ਹਾਦਸੇ ਵਾਲੀ ਥਾਂ ਤੋਂ ਬਰਾਮਦ ਹੋ ਗਿਆ ਹੈ ਤੇ ਜਾਂਚਕਾਰ ਇਸ ਦੀ ਮਦਦ ਨਾਲ ਹਾਦਸੇ ਦੀਆਂ ਕੜੀਆਂ ਨੂੰ ਜੋੜ ਸਕਣਗੇ। ਭਾਰਤੀ ਹਵਾਈ ਫ਼ੌਜ ਹਾਦਸੇ ਦੀ ਜਾਂਚ ਲਈ ਕੋਰਟ ਆਫ ਇਨਕੁਆਇਰੀ ਦਾ ਹੁਕਮ ਪਹਿਲਾਂ ਹੀ ਦੇ ਚੁੱਕੀ ਹੈ।
ਤਿੰਨ ਜੂਨ ਨੂੰ ਅਸਾਮ ਦੇ ਜੋਰਹਾਟ ਤੋਂ ਅਰੁਣਾਚਲ ਪ੍ਰਦੇਸ਼ ਵਿੱਚ ਚੀਨੀ ਸਰਹੱਦ ਨਾਲ ਲਗਦੇ ਮੈਂਚੁਕਾ ਲਈ ਉਡਾਣ ਭਰਨ ਮਗਰੋਂ ਇਹ ਮਾਲਵਾਹਕ ਜਹਾਜ਼ ਲਾਪਤਾ ਹੋ ਗਿਆ ਸੀ। ਅੱਠ ਦਿਨਾਂ ਦੀ ਭਾਲ ਮਗਰੋਂ ਰਾਹਤ ਕਰਮੀਆਂ ਦੀ ਇਕ ਟੀਮ ਮੰਗਲਵਾਰ ਨੂੰ ਹਾਦਸਾਗ੍ਰਸਤ ਜਹਾਜ਼ ਦਾ ਮਲਬਾ ਲੱਭਣ ਵਿੱਚ ਸਫ਼ਲ ਰਹੀ ਸੀ। ਹਵਾਈ ਫ਼ੌਜ ਦੇ ਤਰਜਮਾਨ ਨੇ ਹਾਦਸੇ ਵਿੱਚ ਮਾਰੇ ਗਏ ਆਪਣੇ ਬਹਾਦਰਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਆਈਏਐਫ਼ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਇਸ ਦੌਰਾਨ ਕਾਂਗਰਸ ਨੇ ਹਾਦਸੇ ਵਿੱਚ ਫ਼ੌਤ ਹੋਏ 13 ਜਣਿਆਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਦੇਸ਼ ਉਨ੍ਹਾਂ ਵੱਲੋਂ ਵਿਖਾਈ ਦਲੇਰੀ ਦਾ ਰਿਣੀ ਰਹੇਗਾ। ਉਧਰ ਟਵਿੱਟਰ ’ਤੇ ਵੀ ਸ਼ਰਧਾਂਜਲੀਆਂ ਦਾ ਹੜ੍ਹ ਆ ਗਿਆ।
ਹਾਦਸੇ ਵਿੱਚ ਮਾਰੇ ਗਏ ਆਈਏਐਫ਼ ਜਵਾਨਾਂ ਦੀ ਪਛਾਣ ਵਿੰਗ ਕਮਾਂਡਰ ਜੀ.ਐੱਮ.ਚਾਰਲਸ, ਸਕੁਐਡਰਨ ਲੀਡਰ ਐੱਚ.ਵਿਨੋਦ, ਫਲਾਈਟ ਲੈਫਟੀਨੈਂਟ ਐੱਲ.ਆਰ.ਥਾਪਾ, ਐੱਮ.ਕੇ.ਗਰਗ, ਆਸ਼ੀਸ਼ ਤੰਵਰ ਤੇ ਸੁਮਿਤ ਮੋਹੰਤੀ, ਵਾਰੰਟ ਅਧਿਕਾਰੀ ਕੇ.ਕੇ.ਮਿਸ਼ਰਾ, ਸਾਰਜੈਂਟ ਅਨੂਪ ਕੁਮਾਰ, ਕੋਰਪੋਰਲ ਸ਼ੈਰਿਨ, ਐੱਲਏਸੀ (ਲੀਡਿੰਗ ਏਅਰਕਰਾਫਟ ਮੈਨ) ਐੱਸ.ਕੇ.ਸਿੰਘ, ਐੱਲਏਸੀ ਪੰਕਜ ਤੇ ਗੈਰ-ਲੜਾਕੇ (ਨਾਨ-ਕੰਬੈਟੈਂਟਸ) ਰਾਜੇਸ਼ ਕੁਮਾਰ ਤੇ ਪੁਟਾਲੀ ਵਜੋਂ ਦੱਸੀ ਗਈ ਹੈ। ਰੂਸ ਦੇ ਬਣੇ ਏਐੱਨ-32 ਮਾਲਵਾਹਕ ਜਹਾਜ਼ ਦਾ 3 ਜੂਨ ਨੂੰ ਉਡਾਣ ਭਰਨ ਤੋਂ ਅੱਧੇ ਘੰਟੇ ਮਗਰੋਂ ਸੰਪਰਕ ਟੁੱਟ ਗਿਆ ਸੀ। ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰ ਨੇ ਮੰਗਲਵਾਰ ਨੂੰ ਸਿਆਂਗ ਤੇ ਸ਼ੀ-ਯੋਮੀ ਜ਼ਿਲ੍ਹਿਆਂ ਦੀ ਸਰਹੱਦ ਨੇੜੇ ਗੱਟੇ ਪਿੰਡ ਵਿੱਚ 12 ਹਜ਼ਾਰ ਫੁੱਟ ਦੀ ਉਚਾਈ ’ਤੇ ਲਾਪਤਾ ਜਹਾਜ਼ ਦੇ ਮਲਬੇ ਦੀ ਨਿਸ਼ਾਨਦੇਹੀ ਕੀਤੀ ਸੀ। ਨਿਸ਼ਾਨਦੇਹੀ ਮਗਰੋਂ ਜਹਾਜ਼ ਵਿੱਚ ਸਵਾਰ ਮੈਂਬਰਾਂ ਦਾ ਖੁਰਾ-ਖੋਜ ਲਾਉਣ ਲਈ ਬੁੱਧਵਾਰ ਨੂੰ 15 ਮੈਂਬਰੀ ਰਾਹਤ ਟੀਮ ਹਾਦਸੇ ਵਾਲੀ ਥਾਂ ਭੇਜੀ ਗਈ ਸੀ, ਪਰ ਮੁਸ਼ਕਲ ਪਹਾੜੀ ਰਸਤੇ ਦੇ ਚਲਦਿਆਂ ਇਨ੍ਹਾਂ ਵਿੱਚੋਂ ਅੱਠ ਮੈਂਬਰ ਹੀ ਅੱਜ ਸਵੇਰੇ ਉੱਥੇ ਪੁੱਜ ਸਕੇ।

LEAVE A REPLY

Please enter your comment!
Please enter your name here