ਸੈਨਹੋਜ਼ੇ ਗੁਰਦੁਆਰਾ ਕਮੇਟੀ ਵਲੋਂ ਸਕਿਉਰਿਟੀ ਪ੍ਰਬੰਧਾਂ ’ਚ ਸਹਿਯੋਗ ਦੇਣ ਲਈ ਸ. ਨਰਿੰਦਰਪਾਲ ਸਿੰਘ ਹੁੰਦਲ ਅਤੇ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਵਾਲੇ ਵਕੀਲ ਸ. ਫੂਲਕਾ ਦਾ ਕੀਤਾ ਗਿਆ ਸਨਮਾਨ
ਸੈਕਰਾਮੈਂਟੋ (ਇੰਡੋ ਅਮਰੀਕਨ ਟਾਈਮਜ਼)_ ਪਿਛਲੇ ਕੁਝ ਸਾਲਾਂ ਤੋਂ ਦੁਨੀਆਂ ਭਰ ਵਿਚ ਅਤੇ ਵਿਸ਼ੇਸ਼ ਕਰਕੇ ਅਮਰੀਕਾ ਦੇ ਵੱਖ ਵੱਖ ਧਾਰਮਿਕ ਅਦਾਰਿਆਂ ਅਤੇ ਸਕੂਲਾਂ ਵਿਚ ਕਈ ਸਿਰਫਿਰੇ ਵਿਅਕਤੀਆਂ ਵਲੋਂ ਅੰਨੇਵਾਹ ਫਾਇਰਿੰਗ ਕਰਕੇ ਪਾਠ ਪੂਜਾ ਕਰ ਰਹੇ ਸ਼ਰਧਾਲੂਆਂ ਅਤੇ ਪੜ ਰਹੇ ਬੱਚਿਆਂ ਨੂੰ ਮਾਰ ਦਿੱਤਾ ਜਾਂਦਾ ਰਿਹਾ ਹੈ। ਪਿਛਲੇ ਕੁਝ ਸਾਲ ਪਹਿਲਾਂ ਅਮਰੀਕਾ ਦੇ ਵਿਸਕਾਂਸਨ ਸੂਬੇ ਵਿਚ ਵੀ ਗੁਰਦੁਆਰਾ ਸਾਹਿਬ ਵਿਚ ਇਕ ਸਿਰਫਿਰੇ ਵਲੋਂ ਅੰਨੇਵਾਹ ਫਾਇਰਿੰਗ ਕਰਕੇ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਦੇ ਕੁਝ ਗੁਰਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਉਦੋਂ ਤੋਂ ਸਕੂਲਾਂ ਅਤੇ ਗੁਰਦੁਆਰਿਆਂ ਵਿਚ ਵੀ ਸੰਗਤ ਵਿਚ ਭੈਅ ਦਾ ਮਹੌਲ ਬਣਿਆ ਰਹਿੰਦਾ ਹੈ। ਇਸ ਦੀ ਰੋਕਥਾਮ ਦੇ ਯਤਨਾਂ ਦੀ ਪਹਿਲਕਦਮੀ ਕਰਦਿਆਂ ਹੋਇਆਂ ਅਮਰੀਕਾ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਸੈਨਹੋਜ਼ੇ ਦੇ ਪ੍ਰਬੰਧਕਾਂ ਨੇ ਪ੍ਰਾਈਵੇਟ ਸਕਿਉਰਿਟੀ ਰੱਖਣ ਦਾ ਫੈਸਲਾ ਕੀਤਾ। ਪਰ ਜਦੋਂ ਵੱਖ ਵੱਖ ਕੰਪਨੀਆਂ ਤੋਂ ਇਸਦੀ ਕੁਟੇਸ਼ਨ ਮੰਗੀ ਗਈ ਤਾਂ ਉਹ ਬਹੁਤ ਵੱਡੀ ਰਕਮ ਬਣਦੀ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਸ. ਭੁਪਿੰਦਰ ਸਿੰਘ ਢਿੱਲੋਂ ਅਤੇ ਸ. ਪ੍ਰੀਤਮ ਸਿੰਘ ਗਰੇਵਾਲ ਨੇ ਆਪਣੇ ਨਿਕਟਵਰਤੀ ਮਿੱਤਰ ਜੋ ਕਿ ਪਹਿਲਾਂ ਹੀ ਸੈਕਰਾਮੈਂਟੋ ਵਿਖੇ ਨੌਰਕੈਲ ਸਕਿਓਰਿਟੀ ਦੇ ਨਾਮ ਹੇਠ ਸਕਿਉਰਿਟੀ ਸੇਵਾਵਾਂ ਦੇ ਰਹੇ ਹਨ, ਸ.ਨਰਿੰਦਰਪਾਲ ਸਿੰਘ ਹੁੰਦਲ ਨਾਲ ਸਲਾਹ ਮਸ਼ਵਰਾ ਕੀਤਾ ਤਾਂ ਸ. ਹੁੰਦਲ ਨੇ ਉਨਾਂ ਨੂੰ ਇਹ ਸਲਾਹ ਦਿੱਤੀ ਕਿ ਸੰਗਤ ਵਿੱਚੋਂ ਕੁਝ ਵਲੰਟੀਅਰ ਤਿਆਰ ਕੀਤੇ ਜਾਣ, ਉਨਾਂ ਨੂੰ ਸਾਡੇ ਸਰਟੀਫਾਈਡ ਇੰਸਟਰਕਟਰ ਟਰੇਨਿੰਗ ਦੇ ਕੇ ਪੂਰਨ ਰੂਪ ਵਿਚ ਤਿਆਰ ਕਰ ਦੇਣਗੇ। ਇਸ ਨਾਲ ਇਕ ਤਾਂ ਉਨਾਂ ਨੂੰ ਧਾਰਮਿਕ ਮਰਯਾਦਾ ਦਾ ਵੀ ਪੂਰਾ ਗਿਆਨ ਹੋਵੇਗਾ ਅਤੇ ਅਮਰੀਕਨ ਕਾਨੂੰਨ ਮੁਤਾਬਿਕ ਸਕਿਉਰਿਟੀ ਗਾਰਡ ਦੇ ਅਧਿਕਾਰਾਂ ਅਤੇ ਫਰਜ਼ਾਂ ਦੀ ਵੀ ਜਾਣਕਾਰੀ ਹੋਵੇਗੀ ਅਤੇ ਉਹ ਸਾਰੇ ਹੀ ਹਥਿਆਰਾਂ ਨਾਲ ਵੀ ਲੈਸ ਹੋਣਗੇ, ਜਿਸ ਤਰਾਂ ਕਿ ਅਮਰੀਕਾ ਵਿਚ ਪੁਲਿਸ ਅਫਸਰ ਹੁੰਦੇ ਹਨ। ਸ. ਸਿਮਰਤ ਸਿੰਘ ਕੰਬੋਜ ਦੀ ਅਗਵਾਈ ਵਿਚ ਲਗਭਗ 15-16 ਵਲੰਟੀਅਰਜ਼ ਨੇ ਆਪਣੀਆਂ ਸੇਵਾਵਾਂ ਅਰਪਣ ਕਰ ਦਿੱਤੀਆਂ ਅਤੇ ਉਹ ਨੌਰਕੈਲ ਸਕਿਉਰਿਟੀ ਵਲੋਂ ਟਰੇਨਿੰਗ ਲੈਣ ਉਪਰੰਤ ਸ਼ਰਧਾ ਭਾਵਨਾਂ ਨਾਲ ਗੁਰੂਘਰ ਦੀ ਸੇਵਾ ਕਰਦਿਆਂ ਜਿੱਥੇ ਖੁਸ਼ੀ ਮਹਿਸੂਸ ਕਰਦੇ ਹਨ ਉੱਥੇ ਸੰਗਤ ਨੂੰ ਵੀ ਇਸ ਗੱਲ ਦਾ ਬਹੁਤ ਭਰੋਸਾ ਹੁੰਦਾ ਹੈ ਕਿ ਉਨਾਂ ਦੀ ਜ਼ਿੰਦਗੀ ਗੁਰਦੁਆਰਾ ਸਾਹਿਬ ਵਿਚ ਸੁਰੱਖਿਅਤ ਹੈ, ਉਨਾਂ ਦੇ ਬੱਚੇ ਸਕੂਲ ਵਿਚ ਸੁਰੱਖਿਅਤ ਹਨ ਅਤੇ ਪਾਰਕਿੰਗ ਲਾਟ ਵਿਚ ਉਨਾਂ ਦੀਆਂ ਕਾਰਾਂ ਵੀ ਪੂਰਨ ਤੌਰ ’ਤੇ ਸੁਰੱਖਿਅਤ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਇਹ ਸਾਰੇ ਸਕਿਉਰਿਟੀ ਅਫਸਰ ਗੁਰਦੁਆਰਾ ਸਾਹਿਬ ਦੀ ਹਦੂਦ ਜੋ ਕਿ ਚਾਲੀ ਏਕੜ ਵਿਚ ਸਥਿਤ ਹੈ, ਦੀ ਅੰਦਰੂਨੀ ਅਤੇ ਬਹਿਰੂਨੀ ਤੌਰ ’ਤੇ ਇਮਾਰਤ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ। ਇਸ ਵਿਸ਼ੇਸ਼ ਸਹਿਯੋਗ ਲਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸ. ਨਰਿੰਦਰਪਾਲ ਸਿੰਘ ਹੁੰਦਲ ਦਾ ਐਤਵਾਰ ਦੇ ਭਰੇ ਦੀਵਾਨ ਵਿਚ ਸੰਗਤਾਂ ਦੇ ਸਨਮੁੱਖ ਸਨਮਾਨਿਤ ਕੀਤਾ ਅਤੇ ਹੁੰਦਲ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ, ਪ੍ਰਬੰਧਕ ਕਮੇਟੀ ਦਾ ਧੰਨਵਾਦ ਅਤੇ ਸਾਧ ਸੰਗਤ ਦੀ ਸੇਵਾ ਵਿਚ ਆਪਣੇ ਆਪ ਨੂੰ ਗੁਰੂ ਅਤੇ ਸੰਗਤ ਦਾ ਸੇਵਕ ਦੱਸ ਕੇ ਬੇਨਤੀ ਕੀਤੀ ਕਿ ਮੇਰੇ ਧੰਨਭਾਗ ਹਨ ਕਿ ਮੈਨੂੰ ਗੁਰੂਘਰ ਦੀ ਸੇਵਾ ਕਰਨ ਦਾ ਮਹਾਰਾਜ ਨੇ ਸੁਭਾਗਾ ਸਮਾਂ ਬਖਸ਼ਿਆ ਹੈ। ਮੈਂ ਭਵਿੱਖ ਵਿਚ ਵੀ ਆਪਣੇ ਵਲੋਂ ਵਿਸ਼ਵਾਸ਼ ਦੁਵਾਉਂਦਾ ਹਾਂ ਕਿ ਕਿਸੇ ਵੀ ਧਾਰਮਿਕ ਅਸਥਾਨ ’ਤੇ ਅਜਿਹੀ ਸੇਵਾ ਦੀ ਲੋੜ ਹੋਵੇ ਤਾਂ ਮੈਨੂੰ ਇਹ ਸੇਵਾ ਕਰਕੇ ਅਤਿਅੰਤ ਖੁਸ਼ੀ ਮਹਿਸੂਸ ਹੋਵੇਗੀ। ਇਸ ਮੌਕੇ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਵਾਲੇ ਪ੍ਰਸਿੱਧ ਵਕੀਲ ਹਰਵਿੰਦਰ ਸਿੰਘ ਫੂਲਕਾ ਵੀ ਗੁਰੂਘਰ ਪਹੁੰਚੇ ਹੋਏ ਸਨ ਜਿਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਭੁਪਿੰਦਰ ਸਿੰਘ ਢਿੱਲੋਂ ਪ੍ਰਧਾਨ, ਜਨਰਲ ਸਕੱਤਰ ਪ੍ਰੀਤਮ ਸਿੰਘ ਗਰੇਵਾਲ, ਸਟੇਜ ਸਕੱਤਰ ਸ. ਰਜਿੰਦਰ ਸਿੰਘ ਮੰਘਰ, ਕਿ੍ਰਪਾਲ ਸਿੰਘ ਅਟਵਾਲ, ਗਿਆਨੀ ਮਹਿੰਦਰ ਸਿੰਘ ਬਾਜਵਾ ਹੈੱਡ ਗ੍ਰੰਥੀ ਅਤੇ ਹੋਰ ਸਮੂਹ ਮੈਂਬਰਾਂ ਵਲੋਂ ਦੋਵਾਂ ਸਖਸ਼ੀਅਤਾਂ ਨੂੰ ਗੁਰੂਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਨਿਵਾਜਿਆ ਗਿਆ।

LEAVE A REPLY

Please enter your comment!
Please enter your name here