ਮੋਗਾ-ਇਥੇ ਨਵੀਂ ਅਨਾਜ ਮੰਡੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ, ਜਿਸ ਦੌਰਾਨ ਬੁਲਾਰਿਆਂ ਨੇ ਕਾਂਗਰਸ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਇਸ ਮੌਕੇ ਕਿਸਾਨ ਖੁਦਕਸ਼ੀਆਂ, ਨਸ਼ਿਆਂ ਨਾਲ ਮੌਤਾਂ ਤੇ ਨਸ਼ੇ ਦੀ ਵਿਕਰੀ, ਖੇਤੀ ਸੈਕਟਰ ਲਈ ਬਿਜਲੀ ਤੇ ਮਗਨਰੇਗਾ ਫੰਡਾਂ ’ਚ ਘਪਲਾ ਤੇ ਸੂਬੇ ’ਚ ਲਾਕਾਨੂੰਨੀ ਦੇ ਮੁੱਦੇ ਭਾਰੂ ਰਹੇ। ਜ਼ਿਲ੍ਹਾ ਸਕੱਤਰੇਤ ਤੱਕ ਰੋਸ ਮਾਰਚ ਕਰਦਿਆਂ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਰਾਜਪਾਲ ਪੰਜਾਬ ਦੇ ਨਾਮ ਮੰਗ ਪੱਤਰ ਵੀ ਦਿੱਤਾ ਗਿਆ।
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸੂਬੇ ਨੂੰ ਖੁਸ਼ਹਾਲੀ ਤੋਂ ਬਦਹਾਲੀ ਤੇ ਘੁੱਪ ਹਨੇਰੇ ਵਿੱਚ ਧੱਕ ਦਿੱਤਾ ਹੈ। ਉਨ੍ਹਾਂ ਸਰਕਾਰ ਉੱਤੇ ਵਰ੍ਹਦਿਆਂ ਜੇਲ੍ਹਾਂ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਲੜਖੜਾ ਗਈ ਹੈ। ਉਨ੍ਹਾਂ ਅਕਾਲੀ ਵਰਕਰਾਂ ਉੱਤੇ ਸਿਆਸੀ ਬਦਲਾਖੋਰੀ ਤਹਿਤ ਝੂਠੇ ਪਰਚੇ ਦਰਜ ਕਰਨ ਵਾਲੇ ਅਫ਼ਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਕਾਲੀ ਸਰਕਾਰ ਆਉਣ ’ਤੇ ਇਹ ਅਫ਼ਸਰ ਜੇਲ੍ਹਾਂ ’ਚ ਡੱਕੇ ਜਾਣਗੇ। ਉਨ੍ਹਾਂ ਹਾਕਮ ਧਿਰ ਦੇ ਕਈ ਵਿਧਾਇਕਾਂ ਉੱਤੇ ਨਸ਼ੇ ਵਿਕਵਾਉਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ’ਚ ਕਸਟਮ ਵਿਭਾਗ ਵੱਲੋਂ ਫੜੀ ਗਈ ਹੈਰੋਇਨ ਦੀ ਖੇਪ ਨੇ ਨਸ਼ਾ ਤਸਕਰੀ ਮੁਹਿੰਮ ਨੂੰ ਲੋਕਾਂ ’ਚ ਸ਼ੱਕੀ ਬਣਾ ਦਿੱਤਾ ਹੈ।
ਬਲਵਿੰਦਰ ਸਿੰਘ ਭੂੰਦੜ ਨੇ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ 1984 ਦੇ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਅਤੇ ਨਵੰਬਰ ’84 ਦੇ ਸਿੱਖ ਕਤਲੇਆਮ ਦਾ ਕਲੰਕ ਕਾਂਗਰਸ ਦੇ ਮੱਥੇ ਤੋਂ ਕਦੇ ਲੱਥ ਨਹੀਂ ਸਕਦਾ। ਉਨ੍ਹਾਂ ਦਰਿਆਈ ਪਾਣੀਆਂ ਲਈ ਵੀ ਕਾਂਗਰਸ ਉਤੇ ਤਿੱਖੇ ਸ਼ਬਦੀ ਹਮਲੇ ਕੀਤੇ।
ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੂਬਾ ਇਸ ਵੇਲੇ ਸੰਵਿਧਾਨਕ ਸੰਕਟ ’ਚੋਂ ਗੁਜ਼ਰ ਰਿਹਾ ਹੈ। ਬਿਜਲੀ ਮੰਤਰੀ ਤਾਂ ਮੁੱਖ ਮੰਤਰੀ ਦੇ ਆਦੇਸ਼ ਦੀ ਪਾਲਣਾ ਕਰਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਬਿਜਲੀ ਮੰਤਰੀ ਦੀ ਇਸ ਗੈਰ ਜ਼ਿੰਮੇਵਾਰਾਨਾ ਅਤੇ ਗੈਰ ਸੰਵਿਧਾਨਕ ਕੰਮ ਕਰਨ ਕਰਕੇ ਵਜ਼ਾਰਤ ਤੋਂ ਤਰੁੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ।
ਜਗਮੀਤ ਸਿੰਘ ਬਰਾੜ ਨੇ ਅਗਾਮੀ ਵਿਧਾਨ ਸਭਾ ਚੋਣਾਂ ’ਚ ਸੁਖਬੀਰ ਬਾਦਲ ਨੂੰ ਸੂਬੇ ਦਾ ਅਗਲਾ ਮੁੱਖ ਮੰਤਰੀ ਦੱਸਿਆ। ਪਾਰਟੀ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਸੂਬੇ ਦੇ ਜੇਲ ਮੰਤਰੀ ਉੱਤੇ ਵਰ੍ਹਦਿਆਂ ਕਿਹਾ ਕਿ ਖ਼ਤਰਨਾਕ ਗੈਂਗਸਟਰ ਬਾਹਰੀ ਸੂਬਿਆਂ ’ਚ ਭੇਜਣ ਦੇ ਦਿੱਤੇ ਬਿਆਨ ਤੇ ਹਾਲ ਹੀ ਜੇਲ੍ਹਾਂ ’ਚੋਂ ਹੋਈਆਂ ਘਟਨਾਵਾਂ ਲਈ ਜ਼ਿੰਮੇਵਾਰ ਕਰਾਰ ਦਿੰਦੇ ਅਕਾਲੀ ਸਰਕਾਰ ਆਉਣ ਉੱਤੇ ਕਤਲ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰਨ ਦੀ ਗੱਲ ਆਖੀ।

LEAVE A REPLY

Please enter your comment!
Please enter your name here